ਗਾ ਜ਼ਿੰਦਗੀ ਦੇ ਗੀਤ ਤੂੰ, ਬਾਂਕੀ ਰਬਾਬ ਵਾਂਗ
ਆਪਾ ਖਿੜੇਗਾ ਦੋਸਤਾ, ਸੂਹੇ ਗੁਲਾਬ ਵਾਂਗ।
ਪੈਰਾਂ ‘ਚ ਛਾਲੇ ਰੜਕਦੇ, ਰਸਤਾ ਸਕੇ ਨ ਰੋਕ,
ਤੁਰਦੇ ਰਹਾਂਗੇ ਤਾਣਕੇ, ਛਾਤੀ ਨਵਾਬ ਵਾਂਗ।
ਹਾਏ ਅਦਾ ਤੇਰੀ ਧਰੇਂ, ਤੂੰ ਪੈਰ ਸਾਂਭ ਸਾਂਭ
ਹਾਂ ਵੀ ਕਹੋਗੇ ਸੋਹਣਿਓਂ, ਨਾਹ ਦੇ ਜਵਾਬ ਵਾਂਗ।
ਹੈ ਮਰਦ ਹੋ ਕੇ ਜੀਵਣਾ, ਇਸ ਜ਼ਿੰਦਗੀ ਦੀ ਸ਼ਾਨ
ਮਾਣੀ ਅਸਾਂ ਹੈ ਜ਼ਿੰਦਗੀ, ਅਣਖੀ ਪੰਜਾਬ ਵਾਂਗ।
ਜਦ ਬੱਦਲਾਂ ਨੇ ਘੇਰਕੇ, ਪਰਵਾਰਿਆ ਇ ਚੰਨ,
ਹਰ ਵਾਰ ਉਹ ਹੈ ਚਮਕਿਆ, ਮੁਖੜੇ ਮਤਾਬ ਵਾਂਗ।
ਜੇ ਰੁਖ ਮੁਖਾਲਿਫ ਤੇਜ਼ ਹੈ, ਵਗਦੀ ਹਵਾ ਨ ਡੋਲ
ਉੱਚੀ ਉਡਾਰੀ ਸੇਧ ਲੈ, ਤੂੰ ਵੀ ਉਕਾਬ ਵਾਂਗ।
ਆਇਆ ਨ ਮੇਰੀ ਜੀਭ ਤੇ, ਕੋਈ ਕਦੇ ਸਵਾਲ
ਬਹੁੜੇ ਹੁ ਯਾਰੋ ਫੇਰ ਵੀ, ਪੂਰੇ ਹਿਸਾਬ ਵਾਂਗ।
ਜੀਣਾ ਨਿ ਜਿਹੜੇ ਜਾਣਦੇ, ਜਰ ਔਕੜਾਂ ਅਨੇਕ
ਰੌਣਕ ਤਿਨਾਂ ਦੇ ਮੂੰਹ ਤੇ, ਚਮਕੇ ਸ਼ਬਾਬ ਵਾਂਗ।
ਸੋਕੇ ਨੇ ਚਾਹੇ ਆ ਗਏ, ਰਾਹੀਂ ਅਨੇਕ ਵਾਰ
ਪਰ ਦਿਲ ਬੜਾ ਭਰਪੂਰ ਹੈ, ਡੂੰਘੇ ਤਲਾਬ ਵਾਂਗ।
ਹਰ ਥਾਂ ਰਹੇ ਹਾਂ ਤੱਕਦੇ, ਤੇਰਾ ਹੀ ਰੂਪ ਰੰਗ,
ਮਸਤੀ ਰਹੀ ਹੈ ਮੂੰਹ ਤੇ, ਪੀਤੀ ਸ਼ਰਾਬ ਵਾਂਗ।
ਹਨ ਤੌਰ ਸਿੱਧੇ ਰੱਖਣੇ, ਤੇ ਤੋਰ ਤੀਰ ਵਾਂਗ
ਸੰਧੂ ਨਹੀਂ ਗੇ ਆਂਵਦੇ, ਨਖਰੇ ਜਨਾਬ ਵਾਂਗ।
****
No comments:
Post a Comment