ਲੈਂਦੇ ਰਹੇ ਹਨੇਰੇ ਹਰ

ਲੈਂਦੇ ਰਹੇ ਹਨੇਰੇ ਹਰ ਯੁਗ ਸਿਰਾਂ ਦੀ ਬਾਜ਼ੀ
ਕਟ ਕਟ ਵੀ ਇਹ ਫਸਲ ਤਾਂ ਹੁੰਦੀ ਰਹੀ ਇ ਤਾਜ਼ੀ।

ਬੁੱਤਾਂ ਤੇ ਮਰਨ ਵਾਲੇ ਹੂਰਾਂ ਦੇ ਖ਼ੁਦ ਸ਼ਦਾਈ
ਕਾਅਬੇ ਹੈ ਰੱਬ ਵਸਦਾ ਕਹਿੰਦੇ ਰਹੇ ਨੇ ਕਾਜ਼ੀ।

ਹੁੰਦੇ ਸ਼ਹੀਦ ਉਹ ਜੋ ਸਚ ਤੇ ਨੇ ਜਾਨ ਦੇਂਦੇ
ਬੋਲੋ ਜਨੂਨੀਆਂ ਨੂੰ ਆਖੇ ਗਾ ਕੌਣ ਗ਼ਾਜ਼ੀ।

ਆਦਮ ਹਵਾ ਸ਼ੁਰੂ ਤੋਂ ਜੱਨਤ ਰਹੇ ਨੇ ਤਜਦੇ
ਹਰ ਪ੍ਰੀਤ ਇਸ ਧਰਤ ਤੇ ਦਸਦੀ ਏ ਗੱਲ ਤਾਜ਼ੀ।

ਜੇ ਕਾਇਨਾਤ ਉਸ ਦੀ ਜੀਵਣ ਵੀ ਦੇਣ ਉਸ ਦੀ
ਫਿਰ ਕਿਉ ਰਹੀ ਏ ਉਸ ਤੋਂ ਬੰਦੇ ਦੀ ਬੇਨਿਆਜ਼ੀ?

ਰੰਗਾਂ ਦਾ ਅੰਤ ਨਾਹੀਂ ਦੁਨੀਆਂ ਦੇ ਬਾਗ਼ ਅੰਦਰ
ਭੁਲਦੀ ਨਹੀਂ ਉਹ ਮੈਨੂੰ ਚੁੰਨੀ ਤਿਰੀ ਪਿਆਜ਼ੀ।

ਯੁੱਗੋਂ ਹਵਾ ਤੇ ਆਦਮ ਜੰਨਤ ਨੂੰ ਹੇਚ ਜਾਨਣ
ਜੱਨਤ ਦੇ ਤਾਂ ਵੀ ਲਾਰੇ ਲਾਂਦੇ ਕਿਓਂ ਨੇ ਕਾਜ਼ੀ।

ਲੋਕਾਂ ਤੇ ਜਾਨ ਦੇਂਦੇ ਜਾਂਦੇ ਉਹ ਬਣ ਮਸੀਹਾ
ਲੋਕਾਂ ਦੀ ਜਾਨ ਲੈਂਦੇ ਕਹਿੰਦੇ ਉਨ੍ਹਾਂ ਨੂੰ ਨਾਜ਼ੀ।

****

No comments:

Post a Comment