ਪਾ ਦਿਲਾ ਤੂੰ ਪ੍ਰੀਤ

ਪਾ ਦਿਲਾ ਤੂੰ ਪ੍ਰੀਤ ਇਕ ਦੀ ਫੇਰ ਖਿੜਦਾ ਰੰਗ ਵੇਖ
ਨਿਕਲਦੀ ਆਵਾਜ਼ ਵੇਖੀਂ ਸਾਂਝ ਦੀ ਕਰ ਸੰਗ ਵੇਖ।

ਹੈ  ਜ਼ਮਾਨਾ  ਬਦਲਦਾ  ਸੌ  ਰੰਗ  ਭਾਵੇਂ  ਠੀਕ  ਹੈ
ਇੱਕ ਮਾਨਵ ਜ਼ਾਤ ਨਾ ਕਰ ਨਜ਼ਰ ਐਂਵੇਂ ਤੰਗ ਵੇਖ।

ਫਿਰ ਨ  ਖਾਵਣਗੇ  ਵਗੋਚੇ  ਜਿੰਦ  ਤੇਰੀ  ਦੋਸਤਾ

ਹੱਥ ਪਾਲੈ ਮਿਹਨਤਾਂ ਦੇ  ਪਰਬਤੀਂ ਨਿਰਸੰਗ ਵੇਖ।

ਹੈ ਮੁਹੱਬਤ  ਹੀ ਸਚਾਈ  ਜੇ ਦਿਲਾਂ ਵਿਚ ਪ੍ਰੀਤ ਹੈ
ਕਰ ਮੁਹੱਬਤ ਨਾ ਕਿਸੇ ਦਾ ਚਿੱਟ ਕਾਲਾ ਰੰਗ ਵੇਖ।

ਜੋ  ਲਫਾਫੇ  ਬਾਜ਼ੀਆਂ ਦੇ  ਆਸਰੇ ਹੈ  ਜੀ ਰਿਹਾ
ਜਾਇ ਜੀਵਣ  ਓਸ ਦਾ ਤੇ ਭੁੱਜਦੀ ਹੈ ਭੰਗ ਵੇਖ।

ਚੁਭਣਗੇ  ਇਹ ਆਪਣੇ ਹੀ  ਵਿੱਚ ਪੈਰਾਂ  ਮਿੱਤਰਾ
ਰਾਹ ਜਾਂਦਾ  ਜੋ ਖਲਾਰੇ  ਕੰਡਿਆਂ ਦੇ  ਡੰਗ ਵੇਖ।

ਰੂਪ ਗਿਰਗਟ ਦਾ ਸਦਾ ਉਸ ਆਦਮੀ ਹੈ ਧਾਰਿਆ
ਹੋਰ ਬਾਹਰ  ਅੰਦਰੋਂ ਜੋ  ਹੈ  ਵਟਾਂਦਾ  ਰੰਗ ਵੇਖ।

ਹਨ  ਮਖੌਟੇ   ਧਰਮ  ਦੇ  ਪਾਏ  ਪਖੰਡੀ  ਮਾਨਵਾਂ
ਲੋਕ ਠੱਗਣ  ਦੇ ਅਨੇਕਾਂ  ਵਰਤਦੇ ਉਹ ਢੰਗ ਵੇਖ।

ਵੇਖ  ਪ੍ਰੀਤਾਂ   ਸੱਲ  ਉਠਦੇ   ਕੈਦਵਾਂ  ਨੂੰ  ਵੀਰਨੋ
ਪਾ ਵਿਛੋੜੇ ਦੋ ਦਿਲਾਂ ਵਿਚ  ਮਾਰਦੇ ਕੀ ਲੰਗ ਵੇਖ।

ਪ੍ਰੇਮ ਕਰਨਾ ਗੱਲ ਵਖਰੀ  ਤਾਂ ਨਹੀਂ ਭਗਤੀ ਹੀ ਹੈ
ਫੇਰ ਕਿਉਕਰ ਸਾਧੂਆਂ ਦੇ ਸਤ ਨੇ ਹੁੰਦੇ ਭੰਗ ਵੇਖ।

ਹੈ ਕਹਾਣੀ  ਅਜਬ ਸਾਡੀ  ਸਮਝ ਦੇ  ਮੱਯਾਰ ਦੀ
ਮਾਲ ਦੌਲਤ ਪ੍ਰੇਮ ਦੇ ਨੂੰ  ਆਖਦੇ  ਨੇ  ਨੰਗ  ਵੇਖ।

* * *

No comments:

Post a Comment