ਤੇਰੇ ਆਵਣ ਦੀ ਖੁਸ਼ੀ ਦਿਲ, ਚੁੰਗੀਆਂ ਭਰਦਾ ਫਿਰੇ
ਅਲਵਲੱਲੀ ਗੱਲ ਜੀਕਣ, ਬਾਲਕਾ ਕਰਦਾ ਫਿਰੇ।
ਨਾ ਕਦੀ ਜਿਵ ਸ਼ਬਦ ਪੂਰੇ, ਲੱਭਦੇ ਅਣਜਾਣ ਨੂੰ
ਬੋਲ ਬੋਲੇ ਘੱਟ ਛਾਲਾਂ, ਪੁੱਠੀਆਂ ਭਰਦਾ ਫਿਰੇ।
ਹਾਰ ਜਾਪੇ ਜਿੱਤ ਉਸ ਨੂੰ, ਜਿੱਤਕੇ ਵੀ ਹਾਰ ਹੀ
ਆਪ ਬਾਜ਼ੀ ਜਿੱਤਕੇ ਉਹ, ਆਪ ਹੀ ਹਰਦਾ ਫਿਰੇ।
ਨਾ ਗਿਲੇ ਹੀ ਯਾਦ ਕੋਈ, ਭੁੱਲ ਸ਼ਿਕਵੇ ਵੀ ਗਏ
ਹੋ ਜਿਵੇਂ ਕੁਰਬਾਨ ਵਾਰੇ, ਯਾਰ ਤੇ ਮਰਦਾ ਫਿਰੇ।
ਵਿਚ ਹਵਾਵਾਂ ਉੱਡਦਾ ਹੈ, ਦਿਲ ਇਵੇਂ ਮਖਮੂਰ ਹੋ
ਜਾਪਦਾ ਜੀਕਣ ਖੁਸ਼ੀ ਦੀ, ਲਹਿਰ ਤੇ ਤਰਦਾ ਫਿਰੇ।
ਮਾਣ ਮੱਤਾ ਜਾਪਦਾ ਵਿਚ, ਆਪ ਹੀ ਗਲਤਾਨ ਹੋ
ਫਿਰ ਝੁਕਾਵੇ ਸੀਸ ਸਜਦੇ, ਯਾਰ ਦੇ ਧਰਦਾ ਫਿਰੇ।
ਵਾਰਦੇ ਹਾਂ ਯਾਰ ਦੀ ਹਰ, ਇਕ ਅਦਾ ਤੇ ਜਾਨ ਵੀ
ਪਰ ਜ਼ਮਾਨਾ, ਆਸ਼ਕੀ ਤੋਂ, ਹੀ ਜਿਵੇਂ ਡਰਦਾ ਫਿਰੇ।
ਬੇ-ਖਤਰ ਹੋ ਥੰਮ ਤਪਦੇ, ਪ੍ਰੀਤ ਵਾਲੇ ਚੁੰਮਦੇ
ਨਾ ਉਡੀਕਣ ਦੇਰ ਐਨੀ, ਥੰਮ ਵੀ ਠਰਦਾ ਫਿਰੇ।
ਜਾਨ ਹੂਲੇ ਜੋ ਮੁਹੱਬਤ, ਵਿੱਚ ਅਪਣੇ ਲਕਸ਼ ਦੀ
ਜਿੱਤ ਲਾੜੀ ਨੂੰ ਸਦਾ ਉਹ, ਸੂਰਮਾ ਵਰਦਾ ਫਿਰੇ।
* * *
No comments:
Post a Comment