ਕਾਲੀ ਵੀ ਰੁਸ਼ਨਾਵੇ ਰਾਤ
ਇਸ਼ਕ ਅਮੁੱਲੀ, ਐਸੀ ਦਾਤ।
ਯਾਦ ਤਿਰੀ ਦਾ, ਸੂਰਜ ਚਮਕੇ
ਨੀਂਦ ਨ ਨੈਣੀ, ਸਾਰੀ ਰਾਤ।
ਧੁਖ ਧੁਖ ਉੱਠਣ, ਪਾਸੇ ਮੇਰੇ
ਕਸਕ ਨ ਖਾਵੇ, ਭੋਰੀ ਮਾਤ।
ਜਾਗਦਿਆਂ ਵੀ, ਸੁਪਣੇ ਦਿਸਣ
ਦਰਸ ਤਿਰੇ ਦੀ, ਪਾਵਾਂ ਝਾਤ।
ਸੱਜਣ ਹਰਦਮ, ਦਿਲ ਵਿਚ ਵੱਸੇ
ਪਿਆਰ ਅਨੋਖੀ, ਐਸੀ ਬਾਤ।
ਸਾਹਵੇਂ ਪਿਆਰ ਦੀ, ਦੌਲਤ ਦੇ
ਪੈ ਜਾਵੇ ਸਭ, ਦੌਲਤ ਮਾਤ।
ਮਿਲਖਾਂ ਨਾਲ ਪਤੀਜੇ ਨਾਹਿ
ਇਸ਼ਕਦੀ ਅੱਥਰੀ ਐਸੀ ਜ਼ਾਤ।
ਮੌਸਮ ਵਾਂਗੂੰ, ਢਲਦੇ ਵੇਖੇ
ਯਾਰ ਕਰੇਂਦੇ, ਵੇਖੇ ਘਾਤ।
ਇਸ਼ਕ ਅਕਲ ਤੇ, ਭਾਰੂ ਹੋਇ
ਵਡ ਮੁੱਲੀ ਹੈ, ਇਹ ਸੌਗਾਤ।
ਯਾਰ ਵਸੇਂਦਾ, ਦਿਲ ਵਿਚ ਤੱਕ
ਦਿਲ ਸ਼ੀਸ਼ੇ ਵਿਚ,ਪਾ ਲੈ ਝਾਤ।
***
No comments:
Post a Comment