ਪਿਆਰ ਦਾ ਇਸਰਾਰ

ਪਿਆਰ ਦਾ ਇਸਰਾਰ ਚਾਹੇ, ਯਾਰ ਵੀ ਚੰਗਾ ਨਹੀਂ
ਪਿਆਰ ਤੋਂ ਪਰ ਯਾਰ ਇਹ ਇਨਕਾਰ ਵੀ ਚੰਗਾ ਨਹੀ

ਨਾ ਸਦਾ ਹੀ  ਵੱਟ ਘੂਰੀ, ਟਾਲ  ਦੇਈਏ  ਵਕਤ ਨੂੰ
ਦਿਲ ਖੁਸ਼ੀ ਪਰ ਮੂੰਹ ਤੇ  ਤਕਰਾਰ ਵੀ ਚੰਗਾ ਨਹੀਂ।

ਹੱਸਕੇ  ਲਾਣਾ  ਨਿਹੁੰ  ਤੇ,  ਭੁੱਲ  ਜਾਣਾ  ਓਸ  ਨੂੰ
ਫੇਰ ਨਾ ਲੈਣੀ  ਕਦਾਚਿਤ, ਸਾਰ ਵੀ  ਚੰਗਾ ਨਹੀਂ।


ਜਦ ਗਲੇ ਲਗ  ਯਾਰ ਤੈਨੂੰ, ਮਿਲ ਪਿਆ ਹੈ ਸੋਚ ਤੂੰ
ਫੇਰ ਪਉਣੀ  ਓਸ ਨੂੰ  ਫਿਟਕਾਰ ਵੀ  ਚੰਗਾ ਨਹੀਂ।

ਸ਼ੱਕ   ਕਰਨਾ  ਦੋਸਤਾਂ  ਦੀ,  ਦੋਸਤੀ  ਤੇ  ਦੋਸਤਾ
ਦੋਸਤੀ ਤੇ  ਇਸ ਤਰਾਂ ਦਾ, ਵਾਰ ਵੀ  ਚੰਗਾ ਨਹੀਂ।

ਫੁੱਲ  ਵਾਂਗੂੰ  ਵੰਡ ਦੇਣਾ, ਮਹਿਕ  ਕਰਤਵ  ਜੇਸ ਦਾ
ਓਸ ਨੂੰ ਹੀ  ਨਿੰਦਨਾ ਕਹਿ, ਖਾਰ ਵੀ  ਚੰਗਾ ਨਹੀਂ।

ਮੰਨਿਆਂ ਤੂੰ  ਗਾਤਰਾ ਹੈ, ਪਾ ਲਿਆ  ਗਲ  ਆਪਣੇ
ਧਰਮ  ਦੱਸੇ  ਨਮਰਤਾ  ਹੰਕਾਰ  ਵੀ  ਚੰਗਾ  ਨਹੀਂ।

ਧਰਮ ਦੇ ਨਾਂ  ਲੋਕ  ਪਾੜੇ, ਹਨ ਗਏ ਹਰ  ਦੇਸ਼ ਹੀ
ਫਤਵਿਆਂ ਦਾ ਧਰਮ ਤੇ ਇਹ,ਭਾਰ ਵੀ ਚੰਗਾ ਨਹੀਂ।

ਮੋਹ  ਕੈਸਾ  ਪਾ  ਲਿਆ  ਹੈ , ਨਾਬਰਾਂ ਦੇ  ਨਾਲ ਤੂੰ
ਸੋਚ ਬਿਨ ਜੋ ਕਰ ਲਿਆ ਇਤਬਾਰ ਵੀ ਚੰਗਾ ਨਹੀਂ।

ਹਰ  ਮੁਸੀਬਤ  ਵੇਖਕੇ ਕਰ, ਸਾਮਣਾ  ਬਣ ਆਦਮੀ
ਔਕੜਾਂ  ਤੱਕ  ਰੋਣ  ਜ਼ਾਰੋ, ਜ਼ਾਰ ਵੀ  ਚੰਗਾ ਨਹੀਂ।

ਸ਼ੌਕ  ਨੂੰ  ਪਰਚੰਡ  ਕਰਦੀ, ਹੈ  ਰੁਕਾਵਟ  ਹੋਰ ਵੀ
ਪਿਆਰ  ਕਰਕੇ  ਮੰਨ ਲੈਣੀ, ਹਾਰ ਵੀ ਚੰਗਾ ਨਹੀਂ।

****

No comments:

Post a Comment