ਲੰਘੇ ਕੋਈ ਪਰਵਾਜ਼

ਜਦ ਵੀ ਸਾਡੇ  ਘਰ ਦੇ  ਕੋਲੋਂ, ਲੰਘੇ ਕੋਈ  ਪਰਵਾਜ਼
ਨਾਲੇ ਉਸਦੇ ਦਿਲ ਮੇਰਾ ਵੀ, ਬਣਕੇ ਉੱਡੇ ਸ਼ਹਬਾਜ਼।

ਬੀਤ ਚੁਕੇ ਵਿਚ  ਜਾ ਉਹ ਪਹੁੰਚੇ ਲੰਮੀ  ‘ਡਾਰੀ ਮਾਰ
ਛੇੜਣ ਯਾਦਾਂ ਬੀਤ ਚੁਕੇਦਾ, ਐਸਾ ਫਿਰ ਕੋਈ ਸਾਜ਼।

ਮਾਪੇ  ਭੈਣਾਂ  ਚੇਤੇ  ਆਵਣ, ਨਾਲੇ  ਵਿੱਛੜਿਆ ਵੀਰ
ਸਭ ਕੁਛ  ਜਾਪੇ ਤਾਜ਼ਾ ਦੇਵੇ ਅਜ ਦੇ  ਵਾਂਗੂੰ ਆਵਾਜ਼।

ਦਾਦੀ ਚਾਚਾ  ਭੂਆ ਫੁੱਫੜ, ਮਾਸੀ ਚਾਚੀ  ਹਰ ਸਾਕ
ਯਾਰ ਪੁਰਾਣੇ  ਚੇਤੇ ਆਵਣ, ਉਹ ਸਾਂਝੇ  ਨਿੱਕੇ ਰਾਜ਼।

ਪਿੰਡ  ਸਹਿਜਰਾ  ਚੇਤੇ ਆਵੇ, ਘਾਟੀਆਂ  ਢੰਨਾਂ ਢੋਰ
ਸੰਧੂ ਫਿਰਦਾ  ਬੇਪਰਵਾ ਉਡਦੇ  ਘੁੱਗੀ ਕਾਂ ਤੇ ਬਾਜ਼।

ਬੋਹੜ ਪਿੱਪਲ  ਨਿੱਮਾਂ ਜਾਮਨ, ਬੇਰੀਆਂ ਤੇ  ਸ਼ਹਿਤੂਤ
ਘਣੀਆਂ ਛਾਵਾਂ  ਨੇ ਆ ਕਰਦੇ, ਓਸੇ ਮਿੱਠੇ ਅੰਦਾਜ਼।

ਸਭ ਹੱਦਾਂ  ਬੰਨੇ  ਰਹਿ  ਜਾਂਦੇ, ਨੇ ਦੇਸਾਂ ਦੇ  ਪਿਛਾਂਹ
ਫੇਰ ਉਹੋ ਹੀ  ਹਾਸੇ ਗੂੰਜਣ, ਤੇ ਨਿੱਘੇ  ਨਖਰੇ ਨਾਜ਼।

ਪਲ ਵਿਚ ਪਰਤ ਪਵੇ ਤੇ ਯਾਦਾਂ ਵੀ ਖਾਵਣ ਮੋੜ ਪਿਛਾਂਹ
ਦਾਦਾ ਦਾਦਾ ਕਰਦੀ ਆ ਦੇ, ਨਿੱਕੀ ਪੋਤੀ  ਆਵਾਜ਼।

****

No comments:

Post a Comment