ਤਸੱਵਰ

ਤਸੱਵਰ  ਸਾਂਝ ਦਾ  ਜੇਕਰ, ਦਿਲਾਂ ਵਿਚ  ਕਰ ਗਏ ਹੁੰਦੇ
ਅਸੀਂ  ਤਾਂ  ਦੋਸਤੋ  ਸਾਰੇ, ਕਦੋਂ  ਦੇ  ਤਰ  ਗਏ  ਹੁੰਦੇ।

ਸਦਾ ਹੀ  ਧਰਮ ਤਾਂ  ਦੱਸੇ, ਕਿ ਮਾਨਵ  ਜ਼ਾਤ  ਹੈ ਇੱਕੋ
ਸਮਝ  ਲੈਂਦੇ  ਮਿਹਰ  ਝਰਨੇ, ਤਦੋਂ ਦੇ ਝਰ  ਗਏ ਹੁੰਦੇ।

ਕਦੀ  ਜੇ  ਹਿੰਦ  ਵਾਸੀ  ਸਬਕ  ਸਾਂਝਾਂ  ਦਾ  ਪੜ੍ਹੇ  ਹੁੰਦੇ
ਉਹ ਦੁਨੀਆਂ ਤੇ  ਜ਼ਰੂਰੀ ਹੀ, ਵਡਾ ਨਾਂ ਕਰ  ਗਏ ਹੁੰਦੇ।

ਗ਼ੁਲਾਮਾਂ  ਗ਼ੌਰੀਆਂ  ਥੱਲੇ, ਕਦੀ  ਨਾ  ਹਿੰਦ  ਰੁਲਣੀ  ਸੀ
ਵਤਨ ਦੀ  ਸ਼ਾਨ ਖਾਤਰ ਸਿਰ, ਤਲੀ ਜੇ ਧਰ  ਗਏ ਹੁੰਦੇ।

ਵਰਨ  ਹੀ ਵੰਡ  ਦਿੱਤਾ,  ਭਾਰਤੀ  ਸਭ ਜ਼ਾਤ ਨੂੰ  ਵਰਨਾ
ਇਲਮ ਦੇ ਤਕਸ਼ਿਲਾ ਨੂੰ ਵੀ, ਅਮਰ ਉਹ ਕਰ ਗਏ ਹੁੰਦੇ। 

ਕਿਸੇ  ਲੇਖੇ  ਨ  ਲੱਗਾ  ਰੋਣ  ਉਮਰਾਂ ਦਾ  ਗਿਆ  ਐਂਵੇਂ
ਪਤਾ ਹੁੰਦਾ  ਕਸ਼ਟ ਸਭ ਇਸ਼ਕ  ਵਾਂਗੂੰ  ਜਰ ਗਏ  ਹੁੰਦੇ।

ਅਕਲ  ਕਰਕੇ  ਇਲਮ ਦੇਂਦੇ, ਕਦੀ ਜੇ  ਵੰਡ  ਸਭ ਨੂੰ ਹੀ
ਖਜ਼ਾਨੇ  ਹੋਣ  ਕਿਉ  ਖਾਲੀ, ਨਕਾਨਕ  ਭਰ  ਗਏ  ਹੁੰਦੇ।

****

No comments:

Post a Comment