ਗੁਰਦੇਵ ਦਾ ਮਾਨ

ਮਾਨ ਹੈ  ਗੁਰਦੇਵ  ਦਾ ਜਿਸ, ਅਰਥ ਸਮਝੇ  ਗੀਤ ਦੇ
ਜਾਂ  ਸਦਕੜੇ  ਯਾਰ  ਇਸ ਦੇ, ਗੀਤ ਦੇ  ਸੰਗੀਤ ਦੇ।

ਬਸਰ  ਕੀਤੀ   ਜ਼ਿੰਦਗੀ  ਹੈ,  ਏਸ  ਢੋਲੇ  ਗਾਂਦਿਆਂ
ਅਰਥ ਸਮਝੇ  ਏਸ ਜਾਣੋ, ਪਿਆਰ ਦੀ ਹੀ  ਰੀਤ ਦੇ।

ਜਾਣਕੇ  ਇਸ  ਮਰਮ  ਸਾਰੇ, ਪ੍ਰੇਮ ਦੇ  ਕੀਤੇ  ਬਿਆਂ
ਖੋਟ  ਨਾਹੀਂ  ਮੂਲ ਕੋਈ, ਵਿੱਚ  ਇਸ ਦੀ  ਨੀਤ ਦੇ।

ਮੇਲ ਰੂਹਾਂ ਦੇ

ਮੇਲ ਰੂਹਾਂ  ਦੇ ਲਈ ਨੇ, ਜਿਸਮ ਵੀ  ਲਾਜ਼ਮ  ਬਣੇ
ਮੇਲ  ਬਾਝੋਂ  ਪ੍ਰੀਤਮਾਂ ਦੇ, ਆਂਵਦਾ ਨਾ  ਦੁਧ ਥਣੇ।

ਇਸ਼ਟ ਨੂੰ ਜੋ ਆਪਣੇ ਹੀ, ਹਨ ਧਿਆਂਦੇ ਰਾਤ ਦਿਨ
ਸੁਰਖ ਰੂ ਹੋ  ਨਿਕਲਦੇ ਜੋ, ਸੱਚ ਹਿਤ ਜੂਝਣ ਰਣੇ।

ਨਾਲ ਉਸ ਦੇ  ਪਾ ਲਏ ਜੇ ਕਰ  ਯਰਾਨੇ ਰੋਣ ਕੀ ?
ਚੱਬਣੇ  ਪੈਂਦੇ  ਕਦੀ  ਵਿਚ, ਯਾਰੀਆਂ  ਲੋਹੇ  ਚਣੇ।

ਪ੍ਰੇਮ  ਸੱਚਾ  ਲੱਭ  ਲੈਂਦਾ,  ਪੱਥਰਾਂ  ਚੋਂ  ਵੀ  ਖੁਦਾ
ਤਾਂਹਿ ਸੱਚੇ ਆਸ਼ਕਾਂ ਦੇ, ਧਰਮੀਆਂ ਵਿਚ ਨਾਂ ਗਿਣੇ।

ਰੂਹ

ਰੋਜ਼ ਬਦਲੀ ਇਹ ਜੁ ਕਾਲੀ, ਜੇ ਕਿਤੋਂ ਆਇਆ ਕਰੇ
ਆਣ ਕੇ  ਮੇਰੀ  ਬਰੇਤੀ, ਰੂਹ  ਤ੍ਰਿਪਤਾਇਆ  ਕਰੇ।

ਸਾਥ  ਤੇਰਾ   ਦੋਸਤਾ  ਹੈ,  ਆਸਮਾਂ  ਮੇਰਾ   ਜਿਵੇਂ
ਤੇ ਸੁਤਾ ਮੇਰੀ ਨਸ਼ਾ ਇਸ, ਸਾਥ ਦਾ  ਛਾਇਆ ਕਰੇ।

ਕਿਰਨ  ਜੀਕਣ  ਬਦਲੀਆਂ ਚੋਂ, ਝਾਕਦੀ  ਹੈ  ਹੱਸਕੇ
ਇਉ ਨਿਗਾਹੇ  ਸਨਮ ਮੇਰੀ, ਰੂਹ ਰੁਸ਼ਨਾਇਆ ਕਰੇ।

ਵਾਸ  ਤੇਰਾ   ਰੂਹ  ਮੇਰੀ,  ਹੋ  ਚੁਕਾ  ਮੈਂ   ਜਾਣਦਾਂ
ਫੇਰ ਪਰਦਾ ਹਰ ਘੜੀ ਕਿਉਂ, ਰੂਹ ਤਰਸਾਇਆ ਕਰੇ?

ਜ਼ਮਾਨਾ

ਹੈ ਕਿਹੀ  ਘਾੜਤ  ਜ਼ਮਾਨਾ, ਦੋਸਤੋ  ਇਹ  ਘੜ  ਰਿਹਾ
ਝੂਠ  ਉਭਰੇ  ਸੱਚ  ਜਾਪੇ, ਡਰਕੇ  ਅੰਦਰ  ਵੜ  ਰਿਹਾ।

ਰਾਮ  ਤੇ  ਈਸਾ  ਮੁਹੰਮਦ,  ਹੋ  ਚੁਕੇ   ਨਾਨਕ   ਕਈ
ਸੱਚ ਤੇ  ਈਮਾਨ  ਅਜ ਵੀ, ਕੁਫਰ  ਕੋਲੋਂ  ਦੜ  ਰਿਹਾ।

ਜਾਣਦੇ   ਸੰਘਰਸ਼   ਜੀਵਨ,  ਦੀ  ਸਦਾ  ਪਹਿਚਾਨ  ਹੈ
ਫੇਰ  ਕਿਉ  ਤੇਰਾ  ਨਤਾਣਾ,  ਕਰਮ ਹੀਣਾ  ਧੜ ਰਿਹਾ।

ਸੱਚ  ਦੀ   ਪਹਿਚਾਨ   ਸਾਨੂੰ,  ਭੁੱਲ   ਚੁੱਕੀ   ਜਾਪਦੀ
ਇਸ ਲਈ  ਇਨਸਾਨ ਜਾਪੇ, ਝੂਠ  ਅੰਦਰ  ਕੜ ਰਿਹਾ।

ਬੇ-ਵਫਾ

ਬੇ-ਵਫਾ  ਨੇ  ਪ੍ਰੀਤ   ਭਰਮਾਈ   ਜਦੋਂ
ਹੈ  ਵਫਾ  ਵੀ  ਵੇਖ  ਸ਼ਰਮਾਈ  ਜਦੋਂ।

ਪਹਿਨ  ਪਰਦਾ   ਬੇ-ਹਯਾਈ  ਚਿਤਵਦੇ
ਤਕ ਹਯਾ ਵੀ   ਜਾਏ  ਨਰਮਾਈ ਜਦੋਂ।

ਕਸਕ  ਤੇਰੀ   ਰੀਝ  ਨੂੰ  ਆਈ  ਜਦੋਂ
ਜ਼ਿੰਦਗੀ  ਹੈ   ਯਾਰ  ਕੁਮਲਾਈ  ਜਦੋਂ।

ਹਾਂ  ਤਿਰੇ   ਵਾਦਿਆਂ  ਤੇ  ਪਲ  ਰਿਹਾ
ਜਿੰਦ  ਮੇਰੀ  ਇੰਝ   ਭਰਮਾਈ  ਜਦੋਂ।

ਹੰਝੂ

ਦੁੱਖਾਂ  ਦੇ  ਹੰਝੂ   ਹੁੰਦੇ  ਖਾਰੇ  ਬੜੇ  ਨੇ
ਕੀਤੇ ਲੋਕਾਂ  ਆਸ਼ਕ ਤੇ ਕਾਰੇ  ਬੜੇ ਨੇ।

ਲੋਕੀਂ ਤਾਂ ਪੂਜਨ  ਪੂਨਮ ਦਾ ਚੰਨ ਹਮੇਸ਼ਾ
ਮੇਰੇ  ਅਰਸ਼ੀਂ  ਤੇਰੇ  ਨੱਜ਼ਾਰੇ  ਬੜੇ  ਨੇ।

ਤੇਰੇ ਬਿਨ ਮੈਂ ਭੀੜੀਂ  ਵੀ ਜਾਪਾਂ ਇਕੱਲਾ
ਦੂਰੋਂ ਤੇ  ਲਗਦੇ  ਸਾਥੀ  ਸਾਰੇ  ਬੜੇ ਨੇ।

ਬਣਕੇ  ਚਮਕੇਂ ਤੂੰ ਮੇਰਾ  ਤਾਰਾ  ਧਰੂ ਦਾ
ਕਰਦੇ ਗਰਦਿਸ਼  ਤੇ ਭਾਵੇਂ ਤਾਰੇ ਬੜੇ ਨੇ।

ਫੁੱਲ ਮੁਸਕਾਨ ਦਾ

ਵਿੱਚ ਥਲ ਵੀ ਖਿੜ ਪਵੇਗਾ, ਫੁੱਲ ਤਾਂ ਮੁਸਕਾਨ ਦਾ
ਹੱਥ  ਤੇਰੇ  ਦੋਸਤਾ  ਹੈ,  ਪੁੱਗਣਾ  ਅਰਮਾਨ  ਦਾ।

ਯਾਦ ਤੇਰੀ ਆਂਵਦੀ ਹੈ, ਬਣ ਸੁਨਹਿਰੀ ਕਿਰਨ ਹੀ
ਹੈ ਜਿਵੇਂ ਖੇੜਾ ਸੁਆਗਤ,ਕਰ ਰਿਹਾ ਮਹਿਮਾਨ ਦਾ।

ਮੁੱਖ ਮੇਰੇ  ਪ੍ਰੀਤ  ਦੀ ਹੈ, ਚਮਕਦੀ  ਇਊਂ  ਲਾਲਮਾ
ਚਮਕ  ਅੱਖਾਂ ਮੁੱਲ ਤਾਰਨ, ਪ੍ਰੀਤ ਦੇ ਅਹਿਸਾਨ ਦਾ।

ਆਸਮਾਨੀ  ਰਹਿਣ  ਵਾਲੇ, ਦੇਵਤੇ  ਕਿਸ  ਕੰਮ  ਦੇ
ਰਾਜ  ਧਰਤੀ ਜੇ  ਰਹੇਗਾ, ਪਸਰਿਆ  ਸ਼ੈਤਾਨ  ਦਾ।

ਤੇਰੇ ਨਿਘ ਤੋਂ ਵਾਂਝੀ ਸਖਣੀ

ਤੇਰੇ ਨਿਘ ਤੋਂ  ਵਾਂਝੀ ਸਖਣੀ, ਰੂਹ ਮੇਰੀ ਤਿਰਹਾਈ ਵੇ
ਰੀਝ  ਖ਼ਜ਼ਾਨੇ  ਸਖਣੇ  ਹੋਏ, ਤੇਰੀ  ਵੇਖ  ਜੁਦਾਈ ਵੇ।

ਡਾਰੋਂ ਵਿਛੜੀ  ਕੂੰਜ ਦੇ ਵਾਂਗੂੰ, ਰਾਤ ਦਿਨੇ ਕੁਰਲਾਵਾਂ ਮੈਂ
ਬਿਖੜੇ ਪੈਂਡੇ  ਵਿਚ ਪਰਦੇਸਾਂ, ਨਾ ਕੋ ਪੈੜ ਲਭਾਈ ਵੇ।

ਦੂਰ  ਵਸੇਂਦੇ  ਸਜਣਾ  ਰਾਤੀਂ, ਸੁਪਨਾ ਬਣਕੇ ਆਵੇਂ ਤੂੰ
ਵੱਸੇਂ ਓਥੇ  ਸੁਪਨੀਂ ਏਥੇ, ਨਾ ਕਰ ਇਹ  ਚਤਰਾਈ ਵੇ।

ਗੁਰ ਬਲੀ ਗੋਬਿੰਦ

ਗੁਰ  ਬਲੀ  ਗੋਬਿੰਦ  ਸਾਥੋਂ, ਤੇ ਭੁਲਾਇਆ  ਨਾ ਗਿਆ
ਸੱਚ ਤੋਂ  ਪਰਵਾਰ  ਵਾਰੇ, ਪਰ ਮਿਟਾਇਆ ਨਾ ਗਿਆ।

ਮਿਹਰ  ਕਰਕੇ  ਤਾਰ  ਦਿੱਤੀ, ਹਿੰਦ ਸਾਰੀ  ਸਤਿ ਗੁਰਾਂ
ਕਰ ਸ਼ੁਕਰ ਤੇ ਸੀਸ ਸਜਦੇ, ਚੋਂ ਉਠਾਇਆ ਨਾ ਗਿਆ। 

ਉਲਝਿਆ  ਹੈ  ਫੇਰ  ਧੰਦਾ,  ਹਿੰਦ  ਅੰਦਰ  ਧਰਮ  ਦਾ
ਲੀਡਰਾਂ  ਤੋਂ  ਏਕਤਾ ਦਾ, ਗੀਤ ਗਾਇਆ  ਨਾ  ਗਿਆ।

ਜ਼ਿੰਦਗੀ

ਮਿਹਨਤਾਂ  ਕਰ  ਹੋਂਵਦੀ  ਆਪੇ  ਸਿਆਣੀ  ਜ਼ਿੰਦਗੀ
ਸੰਘਰਸ਼  ਬਿਨ  ਜਾਪਦੀ  ਹੈ, ਬਦਗੁਮਾਨੀ  ਜ਼ਿੰਦਗੀ।

ਰੰਗ ਮਾਣੇ  ਹਨ ਚਮਨ ਦੇ, ਨੀਰ ਨਿਰਮਲ ਵਹਿ ਰਿਹਾ
ਵੰਡਦੀ   ਹੈ   ਦੋਸਤਾਂ   ਨੂੰ,  ਸ਼ਾਦਮਾਨੀ   ਜ਼ਿੰਦਗੀ।

ਗੁਣ  ਗਿਆਨੀ  ਦੇ  ਸਦਾ ਹਨ, ਤੌਰ  ਮੋਹਨ ਦੇ ਰਹੇ
ਗੀਤ ਸੁਰ ਹੈ ਗਾ  ਰਹੀ ਹੁਣ, ਚੁੱਪ  ਚਾਨੀ  ਜ਼ਿੰਦਗੀ।

ਤਸੱਵਰ

ਤਸੱਵਰ  ਸਾਂਝ ਦਾ  ਜੇਕਰ, ਦਿਲਾਂ ਵਿਚ  ਕਰ ਗਏ ਹੁੰਦੇ
ਅਸੀਂ  ਤਾਂ  ਦੋਸਤੋ  ਸਾਰੇ, ਕਦੋਂ  ਦੇ  ਤਰ  ਗਏ  ਹੁੰਦੇ।

ਸਦਾ ਹੀ  ਧਰਮ ਤਾਂ  ਦੱਸੇ, ਕਿ ਮਾਨਵ  ਜ਼ਾਤ  ਹੈ ਇੱਕੋ
ਸਮਝ  ਲੈਂਦੇ  ਮਿਹਰ  ਝਰਨੇ, ਤਦੋਂ ਦੇ ਝਰ  ਗਏ ਹੁੰਦੇ।

ਕਦੀ  ਜੇ  ਹਿੰਦ  ਵਾਸੀ  ਸਬਕ  ਸਾਂਝਾਂ  ਦਾ  ਪੜ੍ਹੇ  ਹੁੰਦੇ
ਉਹ ਦੁਨੀਆਂ ਤੇ  ਜ਼ਰੂਰੀ ਹੀ, ਵਡਾ ਨਾਂ ਕਰ  ਗਏ ਹੁੰਦੇ।

ਹੋ ਗਿਆ ਕੀ ਚਾਨਣੇ ਨੂੰ

ਹੋ ਗਿਆ ਕੀ  ਚਾਨਣੇ ਨੂੰ, ਫਿਰਨ  ਘਬਰਾਏ ਇ ਦਿਨ
ਰੰਗ ਕਾਲਾ  ਪੈ ਗਿਆ ਹੈ, ਇੰਜ  ਮੁਰਝਾਏ ਇ ਦਿਨ।

ਰਾਤ  ਤਾਂ  ਵਿਕਦੀ  ਰਹੀ  ਹੈ, ਹੱਥ  ਠੱਗਾਂ  ਦੇ  ਸਦਾ
ਦੁਸ਼ਟ ਹੈ ਇਹ ਕੌਣ ਜਿਸ ਨੂੰ ਵੇਖ ਕੁਰਲਾਏ ਇ ਦਿਨ।

ਪੁੱਛ  ਜਾਕੇ  ਮਾਪਿਆਂ ਨੂੰ, ਪੁੱਤ  ਜਿਹਦਾ  ਤੁਰ ਗਿਆ
ਕਿਸ ਤਰਾਂ ਰੋ ਵਿਲਕ ਉਹਨਾਂ,ਜਾਣ ਲੰਘਾਏ ਇ ਦਿਨ।

ਬੇਰੁਖੀ

ਬੇਰੁਖੀ   ਵੀ  ਜਾਪਦੀ   ਅੰਦਾਜ਼  ਵੀ
ਜਿਉ ਵਿਰੋਧੀ  ਸੁਰ ਉਠਾਵੇ ਸਾਜ਼ ਵੀ।

ਝਿੜਕ  ਦੇਵੇਂ  ਨਾਲ ਗਲ ਲੈਂ  ਫੇਰ ਲਾ
ਪਿਆਰਦਾ ਇਹ ਅਜਬ ਹੈ ਅੰਦਾਜ਼ ਵੀ

ਔਕੜਾਂ  ਨੂੰ   ਵੇਖ ਕੇ  ਘਬਰਾਟ  ਕੀ
ਦੁੱਖ  ਦਸਦੇ ਹਨ  ਸੁਖਾਂ ਦਾ ਰਾਜ਼ ਵੀ।

ਬਚਾਵੇ ਕੌਣ


ਨਿਹੁ ਦਾ ਦੀਰਘ ਰੋਗ ਬਚਾਵੇ ਕੌਣ ਭਲਾ
ਮਿਠੜੇ ਲਗਦੇ ਭੋਗ ਬਚਾਵੇ  ਕੌਣ ਭਲਾ।

ਗਮ  ਸੱਪਾਂ ਨੂੰ  ਮੋਰਾਂ ਵਾਂਗੂੰ  ਚੁਗਿਆ ਹੈ
ਖਾਧੀ ਜ਼ਹਰੀ  ਚੋਗ  ਬਚਾਵੇ ਕੌਣ ਭਲਾ।

ਖੁਸ਼ ਹੋਕੇ  ਸਾਂ ਨੱਚੇ ਚਰਖਾ ਟੁੱਟ  ਗਿਆ
ਪਰ ਨਾ  ਮੁੱਕਾ ਰੋਗ  ਬਚਾਵੇ ਕੌਣ ਭਲਾ।

ਲੰਘੇ ਕੋਈ ਪਰਵਾਜ਼

ਜਦ ਵੀ ਸਾਡੇ  ਘਰ ਦੇ  ਕੋਲੋਂ, ਲੰਘੇ ਕੋਈ  ਪਰਵਾਜ਼
ਨਾਲੇ ਉਸਦੇ ਦਿਲ ਮੇਰਾ ਵੀ, ਬਣਕੇ ਉੱਡੇ ਸ਼ਹਬਾਜ਼।

ਬੀਤ ਚੁਕੇ ਵਿਚ  ਜਾ ਉਹ ਪਹੁੰਚੇ ਲੰਮੀ  ‘ਡਾਰੀ ਮਾਰ
ਛੇੜਣ ਯਾਦਾਂ ਬੀਤ ਚੁਕੇਦਾ, ਐਸਾ ਫਿਰ ਕੋਈ ਸਾਜ਼।

ਮਾਪੇ  ਭੈਣਾਂ  ਚੇਤੇ  ਆਵਣ, ਨਾਲੇ  ਵਿੱਛੜਿਆ ਵੀਰ
ਸਭ ਕੁਛ  ਜਾਪੇ ਤਾਜ਼ਾ ਦੇਵੇ ਅਜ ਦੇ  ਵਾਂਗੂੰ ਆਵਾਜ਼।

ਪਿਆਰ ਦਾ ਇਸਰਾਰ

ਪਿਆਰ ਦਾ ਇਸਰਾਰ ਚਾਹੇ, ਯਾਰ ਵੀ ਚੰਗਾ ਨਹੀਂ
ਪਿਆਰ ਤੋਂ ਪਰ ਯਾਰ ਇਹ ਇਨਕਾਰ ਵੀ ਚੰਗਾ ਨਹੀ

ਨਾ ਸਦਾ ਹੀ  ਵੱਟ ਘੂਰੀ, ਟਾਲ  ਦੇਈਏ  ਵਕਤ ਨੂੰ
ਦਿਲ ਖੁਸ਼ੀ ਪਰ ਮੂੰਹ ਤੇ  ਤਕਰਾਰ ਵੀ ਚੰਗਾ ਨਹੀਂ।

ਹੱਸਕੇ  ਲਾਣਾ  ਨਿਹੁੰ  ਤੇ,  ਭੁੱਲ  ਜਾਣਾ  ਓਸ  ਨੂੰ
ਫੇਰ ਨਾ ਲੈਣੀ  ਕਦਾਚਿਤ, ਸਾਰ ਵੀ  ਚੰਗਾ ਨਹੀਂ।

ਹੈ ਲੁੱਟ ਖਾਧਾ ਲੀਡਰਾਂ


ਹੈ  ਲੁੱਟ  ਖਾਧਾ  ਲੀਡਰਾਂ,  ਭਾਰਤ  ਕਬਾਬ   ਵਾਂਗ
ਢਾਣੇ  ਜ਼ਰੂਰੀ  ਬੁਰਜ ਨੇ, ਉਠ  ਇਨਕਲਾਬ  ਵਾਂਗ।

ਕਰਕੇ   ਕਮਾਈ  ਝੂਠ  ਦੀ, ਬੰਗਲੇ   ਲਏ  ਉਸਾਰ
ਰੁੜ੍ਹਣੇ  ਨੇ  ਓਦੋਂ,  ਲੋਕ ਜਦ, ਆਏ  ਸਲਾਬ ਵਾਂਗ।

ਚਾਅ  ਜ਼ਿੰਦਗੀ ਦੇ  ਮਾਝਿਓਂ, ਗੁੜਤੀ  ਸਮਾਨ  ਲੈਕੇ
ਚੱਲੋ   ਸਵੇਰਾ   ਤਾਂਘਦੇ,  ਸੁਹਣੇ   ਦੁਆਬ  ਵਾਂਗ।

ਸ਼ੌਕ ਨੂੰ ਨਾ ਰੋਕ


ਸ਼ੌਕ  ਨੂੰ ਨਾ  ਰੋਕ  ਕੋਈ, ਭਾ  ਗਈ  ਹੈ  ਦੋਸਤਾ
ਰੋਕ ਹੀ ਤਾਂ  ਖੂਨ ਨੂੰ  ਗਰਮਾ  ਗਈ ਹੈ  ਦੋਸਤਾ।

ਇਸ਼ਕ ਦੇ  ਸਿਦਕੀ  ਸਦਾ ਹੀ, ਜਿੱਤ ਪੌਂਦੇ ਨੇ ਰਹੇ
ਕਰਮ ਹੀਣੀ  ਅਕਲ ਤਾਂ ਕਤਰਾ ਗਈ ਹੈ ਦੋਸਤਾ।

ਬੀਤ  ਚੁੱਕੀ  ਰੁੱਤ  ਸਾਰੀ, ਪਤਝੜਾਂ  ਦੀ  ਜਾਪਦੀ
ਰੁੱਤ ਸ਼ਗੂਫੇ ਖਿੜਣ ਦੀ ਹੁਣ, ਆ ਗਈ ਹੈ ਦੋਸਤਾ।

ਆਪੇ ਉਗਾ ਨ ਤੋੜੀਂ.......... ਗ਼ਜ਼ਲ / ਸ਼ਮਸ਼ੇਰ ਸਿੰਘ ਸੰਧੂ


ਆਪੇ  ਉਗਾ  ਨ  ਤੋੜੀਂ,  ਬੇਦਰਦ  ਬਣ ਕੇ  ਮਾਲੀ
ਵਿਛੜਣ  ਦੀ  ਪੀੜ  ਕੀਕਣ,  ਦੱਸੇਗੀ ਤੈਨੂੰ ਡਾਲੀ।

ਐ  ਵਕਤ  ਹੋਰ ਰੁਕ ਜਾ, ਸੱਜਣ  ਮਿਰਾ  ਜਗਾ ਨਾ
ਮੁਖੜਾ  ਨਿਹਾਰ  ਲਾਂ  ਮੈਂ,  ਥੋੜਾ  ਉਡੀਕ  ਹਾਲੀ।

ਯਾਦਾਂ  ਦੇ  ਨਕਸ਼  ਡੂੰਘੇ, ਸਮਿਆਂ  ਨੇ ਕੀ  ਮਿਟਾਣੇ
ਨੈਣਾਂ  ਦੇ  ਨੀਰ  ਤਾਰੂ,   ਹੋਣੇ  ਕਦੀ  ਨ  ਖਾਲੀ।

ਕਿੱਥੇ ਤੁਰਗੀ


ਕਿੱਥੇ  ਤੁਰਗੀ,  ਨੀਂਦ  ਪਿਆਰੀ
ਲਾ  ਗੀ  ਤੇਰੇ,  ਵਾਂਗ  ਉਡਾਰੀ।

ਲੁਕ  ਲੁਕ  ਰੋਵਣ,  ਨੈਣ  ਵਰਾਗੇ
ਚਸਕ ਵਸੇੱਦੀ,ਮਨ ਵਿਚ ਨਿਆਰੀ


ਲਾਲਚੀ ਨਜ਼ਰਾਂ

ਲਾਲਚੀ  ਜਦ  ਨਾਲ ਨਜ਼ਰਾਂ, ਤੱਕਦੇ ਨੇ  ਸਭ ਜਣੇ
ਲਾਲਚਾਂ ਦੇ  ਰਿਸ਼ਤਿਆਂ ਦਾ, ਫੇਰ ਦੱਸੋ  ਕੀ ਬਣੇ।

ਬੇਯਕੀਨੀ  ਵਿਚ  ਬਦਲਦੇ, ਨੇ  ਯਕੀਨਾਂ  ਦੇ ਸਿਰੇ
ਲੋੜ ਕਰਦੀ ਫੈਸਲਾ ਕਿਸ, ਕੰਮ ਹਨ ਰਿਸ਼ਤੇ ਘਣੇ।

ਇਸ਼ਕ ਐਸੀ ਦਾਤ


ਕਾਲੀ ਵੀ ਰੁਸ਼ਨਾਵੇ  ਰਾਤ
ਇਸ਼ਕ  ਅਮੁੱਲੀ, ਐਸੀ ਦਾਤ।

ਯਾਦ  ਤਿਰੀ ਦਾ, ਸੂਰਜ ਚਮਕੇ
ਨੀਂਦ ਨ  ਨੈਣੀ, ਸਾਰੀ  ਰਾਤ।

ਧੁਖ  ਧੁਖ  ਉੱਠਣ, ਪਾਸੇ  ਮੇਰੇ
ਕਸਕ ਨ  ਖਾਵੇ,  ਭੋਰੀ ਮਾਤ।


ਤੇਰੇ ਆਵਣ ਦੀ ਖੁਸ਼ੀ

ਤੇਰੇ ਆਵਣ  ਦੀ ਖੁਸ਼ੀ ਦਿਲ, ਚੁੰਗੀਆਂ ਭਰਦਾ ਫਿਰੇ
ਅਲਵਲੱਲੀ  ਗੱਲ  ਜੀਕਣ, ਬਾਲਕਾ  ਕਰਦਾ ਫਿਰੇ।

ਨਾ ਕਦੀ  ਜਿਵ  ਸ਼ਬਦ  ਪੂਰੇ, ਲੱਭਦੇ  ਅਣਜਾਣ ਨੂੰ  
ਬੋਲ  ਬੋਲੇ  ਘੱਟ  ਛਾਲਾਂ, ਪੁੱਠੀਆਂ  ਭਰਦਾ  ਫਿਰੇ।

ਹਾਰ ਜਾਪੇ  ਜਿੱਤ  ਉਸ ਨੂੰ, ਜਿੱਤਕੇ  ਵੀ  ਹਾਰ ਹੀ

ਪਾ ਦਿਲਾ ਤੂੰ ਪ੍ਰੀਤ

ਪਾ ਦਿਲਾ ਤੂੰ ਪ੍ਰੀਤ ਇਕ ਦੀ ਫੇਰ ਖਿੜਦਾ ਰੰਗ ਵੇਖ
ਨਿਕਲਦੀ ਆਵਾਜ਼ ਵੇਖੀਂ ਸਾਂਝ ਦੀ ਕਰ ਸੰਗ ਵੇਖ।

ਹੈ  ਜ਼ਮਾਨਾ  ਬਦਲਦਾ  ਸੌ  ਰੰਗ  ਭਾਵੇਂ  ਠੀਕ  ਹੈ
ਇੱਕ ਮਾਨਵ ਜ਼ਾਤ ਨਾ ਕਰ ਨਜ਼ਰ ਐਂਵੇਂ ਤੰਗ ਵੇਖ।

ਫਿਰ ਨ  ਖਾਵਣਗੇ  ਵਗੋਚੇ  ਜਿੰਦ  ਤੇਰੀ  ਦੋਸਤਾ

ਤੇਰਾ ਹਰ ਇਕ ਬੋਲ

ਤੇਰਾ  ਹਰ ਇਕ  ਬੋਲ  ਪਿਆਰਾ  ਲਗਦਾ ਹੈ
ਹਰ ਮੁਸ਼ਕਲ ਵਿਚ  ਤਾਂ ਹੀ ਬੰਦਾ ਤਗਦਾ ਹੈ।

ਪਾਣ   ਚੜ੍ਹੀ   ਹੈ  ਐਸੀ  ਮੇਰੇ   ਸੋਚਣ  ਤੇ
ਰੂਪ ਤਿਰਾ ਹੀ  ਹਰ ਥਾਂ ਦਿਸਦਾ  ਜਗਦਾ ਹੈ।

ਪਿਆਰ ਤਿਰੇ ਇਉ  ਰਾਹਾਂ ਨੂੰ ਰੁਸ਼ਨਾਇਆ ਹੈ
ਚਾਨਣ ਦਾ ਇਕ  ਦਰਿਆ ਜੀਕਣ ਵਗਦਾ ਹੈ।

ਗਿਲਾ

ਨਾ  ਕਰਾਂ  ਤੇਰੀ  ਮੁਹੱਬਤ  ਨਾਤਵਾਂ ਦਾ  ਮੈਂ  ਗਿਲਾ
ਸਿਦਕ  ਮੇਰਾ  ਯਾਰ  ਤੇਰੀ  ਬੇਰੁਖੀ  ਦੇਸੀ ਮਿਟਾ।

ਤਕ ਨਜ਼ਾਰੇ  ਅਜਬ ਇਹ ਜੋ  ਜ਼ਿੰਦਗੀ ਹੈ  ਦੇ ਰਹੀ
ਸੱਚ ਸੂਰਜ  ਲਿਸ਼ਕਦਾ ਵਿਨ੍ਹ ਕੂੜ ਦੀ ਕਾਲੀ ਘਟਾ।

ਹੈ ਜੁਗਾਂ ਤੋਂ  ਇਹ  ਲੜਾਈ  ਤਾਂ ਨਿਰੰਤਰ ਹੋ ਰਹੀ

ਦੋਸ਼

ਦੋਸ਼  ਲਗਾਕੇ  ਮੱਥੇ  ਮੇਰੇ,  ਦੇਂਵੇਂ  ਜੱਗ  ਹਸਾਈਆਂ  ਕਿਉਂ?ਸੋਹਲ  ਤੇਰੇ  ਮੁਖੜੇ  ਉੱਤੇ, ਉੱਡਣ  ਫੇਰ ਹਵਾਈਆਂ ਕਿਉਂ? 

ਧਰਮ  ਦੇ  ਠੇਕੇਦਾਰਾਂ  ਦਾ  ਤੇ,  ਪਾਜ  ਚੁਰਾਹੇ  ਖੁਲ  ਗਿਆ 
ਮੂੰਹੋਂ  ਝੂਠੇ  ਪਰਦੇ  ਉਤਰੇ, ਐਂਵੇਂ  ਦੇਣ  ਸਫਾਈਆਂ  ਕਿਉਂ? 

ਕੈਦੋਂ   ਆਣ   ਚੁਰਾਈ   ਚੂਰੀ,  ਪਾ  ਦਰਵੇਸ਼ੀ   ਚੋਲਾ  ਨੀ 
ਚਾਕ ਤਿਰੀ ਬੰਸੀ ਨੂੰ ਤਰਸਣ ਨਿੱਤ ਸਿਆਲੀਂ ਜਾਈਆਂ ਕਿਉਂ? 

ਦਾਵੇ  ਕਰਦੇ  ਸੀ ਨਿਸ ਦਿਨ ਹੀ,  ਜਿਹੜੇ ਪੱਕੀਆਂ  ਸਾਂਝਾਂ ਦੇ 

ਜਾਦੂ ਭਰੀ ਰਾਤ

ਦੋਸਤੋ ਜਾਦੂ ਭਰੀ ਇਹ ਰਾਤ ਹੈ
ਜਨਮ ਲੈਂਦੀ ਏਸ ਤੋਂ ਪਰਭਾਤ ਹੈ।

ਘਾਤ ਘਾਤੀ ਲਾਕੇ ਬੈਠੇ ਹਰ ਘੜੀ
ਲੋੜਦੇ ਜੋ ਸੱਚ ਕਰਨਾ ਘਾਤ ਹੈ।

ਮੌਤ ਤੋਂ ਵੀ ਜਨਮ ਲੈਂਦੀ ਜ਼ਿੰਦਗੀ
ਮੌਤ ਨੂੰ ਵੀ ਕਰ ਰਹੀ ਇਹ ਮਾਤ ਹੈ।

ਹੋ ਗਿਓਂ ਸਰਦਾਰ ਸਾਰੀ ਖਲਕ ਦਾ
ਵੇਖ ਕੇ ਹੈਰਾਨ ਆਦਮ ਜ਼ਾਤ ਹੈ।

ਵੇਖ ਸੱਜਨ ਛਾ ਗਈ ਕਾਲੀ ਘਟਾ
ਸ਼ੌਕ ਦੀ ਹੋਈ ਕਿਹੀ ਬਰਸਾਤ ਹੈ।

ਜ਼ਿੰਦਗੀ ਹੈ ਜੀਣ ਹਰ ਦਮ ਤਾਂਘਦੀ
ਕੌਣ ਆਖੇ ਬੀਤ ਚੁੱਕੀ ਬਾਤ ਹੈ।

ਵੰਡ ਭਾਵੇਂ ਬੁੱਕ ਭਰ ਭਰ ਦੋਸਤਾ
ਨਾ ਘਟੇ ਗੀ ਦੋਸਤੀ ਸੌਗਾਤ ਹੈ।


* * *

ਚੰਨ

ਜਦ ਵੀ ਕੋਲ ਬੁਲਾਵੇ ਚੰਨ
ਸਿਰ ਧੜ ਬਾਜ਼ੀ ਲਾਵੇ ਚੰਨ।

ਰਾਤੀਂ ਤਾਰੇ ਚੜ੍ਹਨ ਬਰਾਤ
ਲਾੜਾ ਬਣ ਕੇ ਆਵੇ ਚੰਨ।

ਸਾਰੀ ਰੌਣਕ ਉਸ ਦੇ ਨਾਲ
ਜਦ ਵੀ ਵਿਹੜੇ ਆਵੇ ਚੰਨ।

ਜੀਵਨ ਲੀਲਾ ਮੇਲੇ ਨਾਲ
ਰਿਸ਼ਮ ਵਸੇਂਦੀ ਜਿੱਥੇ ਚੰਨ।

ਦਿਲ ਨੂੰ ਰਾਹ ਦਿਲਾਂ ਦੇ ਨਾਲ
ਤਾਂ ਹੀ ਯਾਰ ਬਣਾਵੇ ਚੰਨ।

ਭਾਵੇਂ ਵਸਦਾ ਵਿਚ ਅਸਮਾਨ
ਧਰਤੀ ਤਾੜੀ ਲਾਵੇ ਚੰਨ।

ਭਾਵੇਂ ਉੱਚਾ ਨੀਂਵਾਂ ਹੋਇ
ਓਥੇ ਰਿਸ਼ਮਾਂ ਜਿੱਥੇ ਚੰਨ।

ਸਾਡੇ ਵਸ ਤਾਂ ਕੁਛ ਵੀ ਨਾਹ
ਓਹੀ ਖੇਡ ਖਡਾਵੇ ਚੰਨ।

ਲੌ ਜੀਵਨ ਕਟ ਮੁਹਬਤ ਨਾਲ
ਇਹਹੀ ਸਬਕ ਸਿਖਾਵੇ ਚੰਨ।

****


ਬਦਰਦਾਂ ਦਾ ਸ਼ਹਿਰ

ਵੇਖ ਕੈਸਾ ਹੈ ਬਦਰਦਾਂ ਦਾ ਸ਼ਹਿਰ
ਧਰਮ ਦੇ ਢੋਂਗੀ ਸਦਾ ਢਾਂਦੇ ਕਹਿਰ।

ਭੇਖ ਵੇਖੋ ਨਿੱਤ ਸਾਧਾਂ ਦਾ ਕਰਨ
ਮਨ ਇਨਾਂ ਦੇ ਲੋਭ ਦੀ ਉੱਠੇ ਲਹਿਰ।

ਪੋਚਕੇ ਮੁਖੜੇ ਸਜਾ ਦਸਤਾਰ ਸਰ
ਚੋਜ ਕਰਦੇ ਨੇ ਕਈ ਅੱਠੇ ਪਹਿਰ।

ਧਰਮ ਦੀ ਥਾਂ ਹੈ ਫਰੇਬਾਂ ਦਾ ਚਲਨ
ਐੇਤ ਆ ਠਗਦੇ ਸਜਣ ਤੇਰੇ ਦਹਿਰ।

ਨਜ਼ਰ ਚੌਧਰ ਤੇ ਸਦਾ ਨੇ ਟੇਕਦੇ
ਮੂੰਹ ਅਲਾਵੇ ਚਾਹਿ ਸੇਵਾ ਦੀ ਬਹਿਰ।

ਆਪਣਾ ਵੀ ਖ਼ੂਨ ਦਇ ਜਦ ਹਾਰ ਹੀ
ਸ਼ਾਮ ਜਾਪੇ ਤਦ ਖੁਸ਼ੀਆਂ ਦੀ ਸਹਰ 1।

ਠੱਲ੍ਹਣਾ ਤਾਂ ਹੋ ਜੇ ਮੁਸ਼ਕਲ ਹੀ ਬੜਾ
ਸਬਰ ਦੀ ਜਦ ਟੁੱਟ ਜਾਂਦੀ ਹੈ ਨਹਿਰ।

ਸੋਚ ਕਦ ਤਕ ਚੱਲਣਾ ਹੈ ਝੂਠ ਨੇ
ਟੁੱਟ ਜਾਣਾ ਹੈ ਫਰੇਬਾਂ ਦਾ ਸਿਹਰ 2।

ਪ੍ਰੇਮ ਸੱਚਾ ਪੱਥਰੋਂ (ਵੀ) ਖੋਜੇ ਖ਼ੁਦਾ
ਰੱਬ ਕਰਦਾ ਸਿਦਕ ਤੇ ਸੱਚੀ ਮਿਹਰ।

* * *
1 ਸਵੇਰ 2 ਜਾਦੂ


ਨਾਮ ਤੇਰਾ ਲੈ ਰਿਹਾਂ ਮੈਂ.......... ਸਮਸ਼ੇਰ ਸਿੰਘ ਸੰਧੂ

ਨਾਮ ਤੇਰਾ ਲੈ ਰਿਹਾਂ ਮੈਂ ਹਰ ਘੜੀ
ਸਾਧਨਾ ਹੈ ਭਗਤ ਜਿਉ ਕਰਦਾ ਕੜੀ।

ਰਾਜ਼ ਤੂੰ ਹੈਂ ਦਿਲਬਰਾ ਇਸ ਖਿੱਚ ਦਾ
ਜਿੰਦ ਮੇਰੀ ਰਾਤ ਦਿਨ ਜਾਵੇ ਹੜੀ।

ਬਣ ਗਿਆ ਹੈ ਨਾਮ ਕੇਂਦਰ ਸੋਚ ਦਾ
ਹੈ ਸੁਤਾ ਸਭ ਨਾਮ ਤੇਰੇ ਵਿਚ ਜੜੀ।

ਪਿਆਰ ਤੇਰਾ ਬਣ ਸੁਆਂਤੀ ਬੂੰਦ ਜਿਉ
ਆਣ ਵੱਸੇ ਵਾਂਗ ਸਾਵਣ ਦੀ ਝੜੀ।

ਵਾਂਗ ਝਰਨੇ ਪ੍ਰੇਮ ਤੇਰਾ ਝਰ ਰਿਹਾ
ਵਿਰਦ ਹਾਂ ਗਲਤਾਨ ਬਿਨ ਮਾਲਾ ਫੜੀ।

ਗੁਜ਼ਰਦੇ ਨਾ ਪਲ ਘੜੀ

ਗੁਜ਼ਰਦੇ ਨਾ ਪਲ ਘੜੀ ਰਾਤੀੱ ਦਿਨੇ
ਰਾਤ ਬੀਤੇ ਮੁਸ਼ਕਲੀੱ ਤਾਰੇ ਗਿਣੇ।

ਹੈ ਬੜੀ ਲੰਮੀੱ ਉਡੀਕਾਂ ਦੀ ਡਗਰ
ਥੱਕ ਗਈਆਂ ਨੀਂਦਰਾਂ ਨੇ ਪੰਧ ਮਿਣੇ।

ਭਟਕਨਾਂ ਵਿਚ ਭਟਕਦੇ ਨੇ ਰਾਤ ਦਿਨ
ਇੰਜ ਖੁਰਦੀ ਜ਼ਿੰਦਗੀ ਹੈ ਹੋ ਤਿਣੇ।

ਸੱਜਨਾ ਸਾਬਰ ਬੜਾ ਹੈ ਦਿਲ ਮਿਰਾ
ਫੇਰ ਵੀ ਤੇਰੀ ਜੁਦਾਈ ਦਿਲ ਵਿਨ੍ਹੇ।

ਸ਼ਾਮ ਕਰਨੀ ਸੁਬਹ ਮੁਸ਼ਕਲ ਹੈ ਬੜੀ
ਤੀਰ ਬਣਕੇ ਜਦ ਜੁਦਾਈ ਹਿਕ ਸਿਣੇ।

ਮਹਿਵ ਤੇਰੇ ਇਸ਼ਕ ਮੈੱ ਹਾਂ ਗੁਲਬਦਨ
ਵਾਂਗ ਭੌਰੇ ਡਾਲੀਆਂ ਨਾ ਫੁਲ ਗਿਣੇ।

ਆਸ ਤੇਰੇ ਮਿਲਨ ਦੀ ਲੱਗੀ ਰਹੀ
ਰੌਸ਼ਨੀ ਨ੍ਹੇਰੀ ਗੁਫਾ ਜਿਉ ਆ ਛਿਣੇ।

ਜਾਪਦਾ ਹੈ ਜਾਣ ਵਾਲੀ ਇਹ ਖ਼ਿਜ਼ਾਂ
ਮੁੱਕ ਚੱਲੇ ਮੁਸ਼ਕਲਾਂ ਦੇ ਦਿਨ ਗਿਣੇ।

ਘੱਟ ਜੀ ਲੈ ਸੱਚ ਹੋ ਕੇ ਦੋਸਤਾ
ਝੂਠ ਦੀ ਬਾਜ਼ੀ ਦੇ ਹੁੰਦੇ ਪਲ ਗਿਣੇ।

ਤੂੰ ਬਣਾਈ ਹੈ ਅਜਬ ਹੀ ਕਾਇਨਾ(ਤ)
ਭੇਤ ਤੇਰੀ ਖਲਕ ਦੇ ਨਾ ਗੇ’ ਗਿਣੇ।

****

ਲੈਂਦੇ ਰਹੇ ਹਨੇਰੇ ਹਰ

ਲੈਂਦੇ ਰਹੇ ਹਨੇਰੇ ਹਰ ਯੁਗ ਸਿਰਾਂ ਦੀ ਬਾਜ਼ੀ
ਕਟ ਕਟ ਵੀ ਇਹ ਫਸਲ ਤਾਂ ਹੁੰਦੀ ਰਹੀ ਇ ਤਾਜ਼ੀ।

ਬੁੱਤਾਂ ਤੇ ਮਰਨ ਵਾਲੇ ਹੂਰਾਂ ਦੇ ਖ਼ੁਦ ਸ਼ਦਾਈ
ਕਾਅਬੇ ਹੈ ਰੱਬ ਵਸਦਾ ਕਹਿੰਦੇ ਰਹੇ ਨੇ ਕਾਜ਼ੀ।

ਹੁੰਦੇ ਸ਼ਹੀਦ ਉਹ ਜੋ ਸਚ ਤੇ ਨੇ ਜਾਨ ਦੇਂਦੇ
ਬੋਲੋ ਜਨੂਨੀਆਂ ਨੂੰ ਆਖੇ ਗਾ ਕੌਣ ਗ਼ਾਜ਼ੀ।

ਆਦਮ ਹਵਾ ਸ਼ੁਰੂ ਤੋਂ ਜੱਨਤ ਰਹੇ ਨੇ ਤਜਦੇ
ਹਰ ਪ੍ਰੀਤ ਇਸ ਧਰਤ ਤੇ ਦਸਦੀ ਏ ਗੱਲ ਤਾਜ਼ੀ।

ਜੇ ਕਾਇਨਾਤ ਉਸ ਦੀ ਜੀਵਣ ਵੀ ਦੇਣ ਉਸ ਦੀ
ਫਿਰ ਕਿਉ ਰਹੀ ਏ ਉਸ ਤੋਂ ਬੰਦੇ ਦੀ ਬੇਨਿਆਜ਼ੀ?

ਰੰਗਾਂ ਦਾ ਅੰਤ ਨਾਹੀਂ ਦੁਨੀਆਂ ਦੇ ਬਾਗ਼ ਅੰਦਰ
ਭੁਲਦੀ ਨਹੀਂ ਉਹ ਮੈਨੂੰ ਚੁੰਨੀ ਤਿਰੀ ਪਿਆਜ਼ੀ।

ਯੁੱਗੋਂ ਹਵਾ ਤੇ ਆਦਮ ਜੰਨਤ ਨੂੰ ਹੇਚ ਜਾਨਣ
ਜੱਨਤ ਦੇ ਤਾਂ ਵੀ ਲਾਰੇ ਲਾਂਦੇ ਕਿਓਂ ਨੇ ਕਾਜ਼ੀ।

ਲੋਕਾਂ ਤੇ ਜਾਨ ਦੇਂਦੇ ਜਾਂਦੇ ਉਹ ਬਣ ਮਸੀਹਾ
ਲੋਕਾਂ ਦੀ ਜਾਨ ਲੈਂਦੇ ਕਹਿੰਦੇ ਉਨ੍ਹਾਂ ਨੂੰ ਨਾਜ਼ੀ।

****

ਮਹਿਕ ਤੇਰੀ ਦੋਸਤੀ ਦੀ

ਮਹਿਕ ਤੇਰੀ ਦੋਸਤੀ ਦੀ ਆਪਦੀ ਹੈ ਦੋਸਤਾ
ਬਾਸ ਮਿੱਠੀ ਫੁੱਲ ਵਾਂਗੂੰ ਜਾਪਦੀ ਹੈ ਦੋਸਤਾ।

ਕੁਤਕਤਾਵੇ ਜ਼ਿੰਦਗੀ ਨੂੰ ਨਾਲ ਮਿੱਠੇ ਹਾਸਿਆਂ
ਗੀਤ ਮਿੱਠੇ ਪਿਆਰ ਦੇ ਆਲਾਪਦੀ ਹੈ ਦੋਸਤਾ।

ਦੋਸਤਾ ਇਹ ਦੋਸਤੀ ਹੈ ਸ਼ੈ ਅਨੋਖੀ ਜਾਪਦੀ
ਗੱਲ ਦਿਲ ਦੀ ਨਾਲ ਦਿਲ ਦੇ ਨਾਪਦੀ ਹੈ ਦੋਸਤਾ।

ਊਚ ਜਾਪੇ ਨੀਚ ਇਸ ਨੂੰ ਨੀਚ ਜਾਪੇ ਊਚ ਹੀ
ਵੱਖਰੇ ਹੀ ਮਾਪ ਇਹ ਤੇ ਥਾਪਦੀ ਹੈ ਦੋਸਤਾ।

ਸੱਚ ਵਾਂਗੂੰ ਆਸ਼ਕੀ ਹੈ ਪਨਪਦੀ ਵਿਚ ਆਸ਼ਕਾਂ
ਵਲਗਣਾ ਦੈ ਤੋੜ, ਜੋ ਜੜ੍ਹ, ਪਾਪ ਦੀ ਹੈ ਦੋਸਤਾ।

****

ਵੇਖ ਕੈਸੀ ਸੁੰਨ

ਵੇਖ ਕੈਸੀ ਸੁੰਨ ਸਾਰੇ, ਛਾ ਗਈ ਹੈ ਦੋਸਤਾ
ਜਾਪਦਾ ਹੈ ਸੋਚ ਵੀ ਪਥਰਾ ਗਈ ਹੈ ਦੋਸਤਾ।

ਫੰਧਿਆਂ ਦੇ ਤੰਦ ਸਾਰੇ, ਹੋਰ ਸੰਘਣੇ ਹੋ ਗਏ
ਨਸ ਤਿਰੇ ਮਕਤੂਲ ਦੀ ਨਰਮਾ ਗਈ ਹੈ ਦੋਸਤਾ।

ਰਾਜ ਹਰ ਪਾਸੇ ਹੀ ਦਿਸਦੈ, ਵਹਿਮ ਤੇ ਅਗਯਾਨ ਦਾ
ਅਕਲ ਤੇ ਲਗਦਾ ਜਿਵੇਂ ਸ਼ਰਮਾ ਗਈ ਹੈ ਦੋਸਤਾ।

ਨਾ ਇਹੋ ਘਰਬਾਰ ਅਪਣਾ, ਨਾ ਇਹੋ ਹੈ ਦੇਸ਼ ਹੀ
ਰੱਬ ਜਾਣੇ ਚੀਜ਼ ਕੀ ਭਰਮਾ ਗਈ ਹੈ ਦੋਸਤਾ।

ਮਿਹਰਬਾਨੀ ਯਾਦ ਤੇਰੀ, ਮੈਂ ਭੁਲਾਵਾਂ ਮੂਲ ਨਾ
ਮੌਜ ਕਿਸ਼ਤੀ ਨੂੰ ਕਿਨਾਰੇ, ਲਾ ਗਈ ਹੈ ਦੋਸਤਾ।

* * *

ਗਾ ਜ਼ਿੰਦਗੀ ਦੇ ਗੀਤ ਤੂੰ

ਗਾ ਜ਼ਿੰਦਗੀ ਦੇ ਗੀਤ ਤੂੰ, ਬਾਂਕੀ ਰਬਾਬ ਵਾਂਗ
ਆਪਾ ਖਿੜੇਗਾ ਦੋਸਤਾ, ਸੂਹੇ ਗੁਲਾਬ ਵਾਂਗ।

ਪੈਰਾਂ ‘ਚ ਛਾਲੇ ਰੜਕਦੇ, ਰਸਤਾ ਸਕੇ ਨ ਰੋਕ,
ਤੁਰਦੇ ਰਹਾਂਗੇ ਤਾਣਕੇ, ਛਾਤੀ ਨਵਾਬ ਵਾਂਗ।

ਹਾਏ ਅਦਾ ਤੇਰੀ ਧਰੇਂ, ਤੂੰ ਪੈਰ ਸਾਂਭ ਸਾਂਭ
ਹਾਂ ਵੀ ਕਹੋਗੇ ਸੋਹਣਿਓਂ, ਨਾਹ ਦੇ ਜਵਾਬ ਵਾਂਗ।

ਹੈ ਮਰਦ ਹੋ ਕੇ ਜੀਵਣਾ, ਇਸ ਜ਼ਿੰਦਗੀ ਦੀ ਸ਼ਾਨ
ਮਾਣੀ ਅਸਾਂ ਹੈ ਜ਼ਿੰਦਗੀ, ਅਣਖੀ ਪੰਜਾਬ ਵਾਂਗ।

ਜਦ ਬੱਦਲਾਂ ਨੇ ਘੇਰਕੇ, ਪਰਵਾਰਿਆ ਇ ਚੰਨ,
ਹਰ ਵਾਰ ਉਹ ਹੈ ਚਮਕਿਆ, ਮੁਖੜੇ ਮਤਾਬ ਵਾਂਗ।

ਜੇ ਰੁਖ ਮੁਖਾਲਿਫ ਤੇਜ਼ ਹੈ, ਵਗਦੀ ਹਵਾ ਨ ਡੋਲ
ਉੱਚੀ ਉਡਾਰੀ ਸੇਧ ਲੈ, ਤੂੰ ਵੀ ਉਕਾਬ ਵਾਂਗ।

ਆਇਆ ਨ ਮੇਰੀ ਜੀਭ ਤੇ, ਕੋਈ ਕਦੇ ਸਵਾਲ
ਬਹੁੜੇ ਹੁ ਯਾਰੋ ਫੇਰ ਵੀ, ਪੂਰੇ ਹਿਸਾਬ ਵਾਂਗ।

ਜੀਣਾ ਨਿ ਜਿਹੜੇ ਜਾਣਦੇ, ਜਰ ਔਕੜਾਂ ਅਨੇਕ
ਰੌਣਕ ਤਿਨਾਂ ਦੇ ਮੂੰਹ ਤੇ, ਚਮਕੇ ਸ਼ਬਾਬ ਵਾਂਗ।

ਸੋਕੇ ਨੇ ਚਾਹੇ ਆ ਗਏ, ਰਾਹੀਂ ਅਨੇਕ ਵਾਰ
ਪਰ ਦਿਲ ਬੜਾ ਭਰਪੂਰ ਹੈ, ਡੂੰਘੇ ਤਲਾਬ ਵਾਂਗ।

ਹਰ ਥਾਂ ਰਹੇ ਹਾਂ ਤੱਕਦੇ, ਤੇਰਾ ਹੀ ਰੂਪ ਰੰਗ,
ਮਸਤੀ ਰਹੀ ਹੈ ਮੂੰਹ ਤੇ, ਪੀਤੀ ਸ਼ਰਾਬ ਵਾਂਗ।

ਹਨ ਤੌਰ ਸਿੱਧੇ ਰੱਖਣੇ, ਤੇ ਤੋਰ ਤੀਰ ਵਾਂਗ
ਸੰਧੂ ਨਹੀਂ ਗੇ ਆਂਵਦੇ, ਨਖਰੇ ਜਨਾਬ ਵਾਂਗ।

****